ਬੰਦ ਕਰੋ

ਕੋਰੋਨਾ ਵਾਇਰਸ ਤੋਂ ਬਚਾਅ ਲਈ ਘਰਾਂ ਵਿੱਚ ਵੀ ਰੱਖਿਆ ਜਾਵੇ ਖ਼ਿਆਲ: ਡਿਪਟੀ ਕਮਿਸ਼ਨਰ

ਪ੍ਰਕਾਸ਼ਿਤ ਕਰਨ ਦੀ ਮਿਤੀ : 16/04/2020

 

ਕਰੋਨਾ ਵਾਇਰਸ ਦੀ ਰੋਕਥਾਮ ਸਬੰਧੀ ਸਰਕਾਰ ਨੇ ਕਰਫਿਊ ਲਗਾਇਆ ਹੋਇਆ ਹੈ ਤਾਂ ਜੋ ਲੋਕ ਆਪਣੇ ਘਰਾਂ ਵਿੱਚ ਰਹਿਣ ਅਤੇ ਕਰੋਨਾ ਵਾਇਰਸ ਤੋਂ ਬਚੇ ਰਹਿਣ। ਲੋਕਾਂ ਨੂੰ ਐਮਰਜੈਂਸੀ ਹਾਲਾਤਾਂ ਤੋਂ ਬਿਨਾਂ ਘਰਾਂ ਤੋਂ ਬਾਹਰ ਨਾ ਜਾਣ ਦੀਆਂ ਹਦਾਇਤਾਂ ਕੀਤੀਆਂ ਹੋਈਆਂ ਹਨ ਪਰ ਇਸ ਦੇ ਨਾਲ ਨਾਲ ਘਰ ਵਿੱਚ ਰਹਿੰਦੀਆਂ ਵੀ ਸਾਨੂੰ ਜਾਗਰੂਕ ਹੋਣਾ ਚਾਹੀਦਾ ਹੈ ਤਾਂ ਜੋ ਅਸੀਂ ਆਪਣੇ ਘਰ ਦੇ ਮੈਂਬਰਾਂ ਨੂੰ ਵੱਧ ਤੋਂ ਵੱਧ ਸੁਰੱਖਿਅਤ ਰੱਖ ਸਕੀਏ। ਇਹ ਪ੍ਰਗਟਾਵਾ ਕਰਦਿਆਂ ਡਿਪਟੀ ਕਮਿਸ਼ਨਰ ਅਰਵਿੰਦ ਪਾਲ ਸਿੰਘ ਸੰਧੂ ਨੇ ਕਿਹਾ ਕਿ ਜਦੋਂ ਕੋਈ ਵਿਅਕਤੀ ਕਿਸੇ ਜ਼ਰੂਰੀ ਕਾਰਨ ਕਰਕੇ ਬਾਹਰੋਂ ਘਰ ਵਿੱਚ ਵਾਪਸ ਆਉਂਦਾ ਹੈ ਤਾਂ ਉਹ ਘਰ ਦੀ ਕਿਸੇ ਚੀਜ਼ ਨੂੰ ਛੂਹੇ ਨਾ।

ਉਨ੍ਹਾਂ ਦੱਸਿਆ ਕਿ ਸਬੰਧਤ ਵਿਅਕਤੀ ਨੂੰ ਆਪਣੇ ਕੱਪੜੇ ਬਦਲਣੇ ਚਾਹੀਦੇ ਹਨ ਅਤੇ ਪਹਿਲਾਂ ਤੋਂ ਪਹਿਨੇ ਕੱਪੜੇ ਧੋਣ ਵਾਸਤੇ  ਵੱਖਰੇ ਰੱਖ ਦੇਣੇ ਚਾਹੀਦੇ ਹਨ। ਉਨ੍ਹਾਂ ਦੱਸਿਆ ਕਿ ਬੈਗ, ਪਰਸ, ਚਾਬੀਆਂ ਆਦਿ ਨੂੰ ਘਰ ਦੇ ਅੰਦਰ ਆਉਂਦਿਆ ਹੀ ਕਿਸੇ ਵੱਖਰੇ ਡੱਬੇ ਵਿੱਚ ਰੱਖ ਦੇਣਾ ਚਾਹੀਦਾ ਹੇ ਤਾਂ ਜੋ ਇਹ ਚੀਜ਼ਾਂ ਘਰ ਦੀਆਂ ਦੂਜੀਆਂ ਚੀਜ਼ਾਂ ਦੇ ਸੰਪਰਕ ਵਿੱਚ ਨਾ ਆਉਣ। ਉਨ੍ਹਾਂ ਦੱਸਿਆ ਕਿ ਨਹਾਉਣ ਨਾਲ ਕਿਟਾਣੂ ਮੁਕਤ ਹੋਇਆ ਜਾ ਸਕਦਾ ਹੈ ਇਸ ਲਈ ਲਾਜ਼ਮੀ ਹੈ ਕਿ ਨਹਾਇਆ ਜਾਵੇ। ਜੇਕਰ ਵਿਸੇ ਕਾਰਨ ਨਹਾਇਆ ਨਹੀਂ ਜਾਂਦਾ ਤਾਂ ਖ਼ਾਸ ਕਰ ਆਪਣੇ ਹੱਥ ਅਤੇ ਗਰਦਨ ਨੂੰ ਚੰਗੀ ਤਰ੍ਹਾਂ ਧੋਣਾ ਚਾਹੀਦਾ ਹੈ।

ਉਨ੍ਹਾਂ ਦੱਸਿਆ ਕਿ ਇੱਥੇ ਇਹ ਵੀ ਜ਼ਰੂਰੀ ਹੈ ਕਿ ਮੋਬਾਈਲ ਫ਼ੋਨ ਅਤੇ ਐਨਕ ਆਦਿ ਨੂੰ ਗਰਮ ਸਾਬਣ ਵਾਲੇ ਪਾਣੀ ਦੇ ਸਪਰੇਅ ਜਾਂ ਅਲਕੋਹਲ ਨਾਲ ਕਿਟਾਣੂ ਮੁਕਤ ਕੀਤਾ ਜਾਵੇ।  ਇਸ ਤੋਂ ਬਾਅਦ ਆਪਣੇ ਹੱਥਾਂ ਨੂੰ ਵੀ ਚੰਗੀ ਤਰ੍ਹਾਂ ਸਾਫ਼ ਕਰ ਲਿਆ ਜਾਵੇ। ਉਨ੍ਹਾਂ ਦੱਸਿਆ ਕਿ ਬੇਸ਼ੱਕ ਹਰ ਚੀਜ਼ ਕਿਟਾਣੂ ਮੁਕਤ ਕਰਨੀ ਸੰਭਵ ਨਹੀਂ ਹੁੰਦੀ ਪਰ  ਸੁਰੱਖਿਆ ਹਦਾਇਤਾਂ ਦੀ ਆਪਣੀ ਸੂਝ ਨਾਲ ਪਾਲਣਾ ਕਰਕੇ ਅਸੀਂ ਬਾਹਰੋਂ ਘਰ ਵਿੱਚ ਵਾਇਰਸ ਲਿਆਉਣ ਤੋਂ ਬਚ ਸਕਦੇ ਹਾਂ।