ਬੰਦ ਕਰੋ

ਮਿਸ਼ਨ ਤੰਦਰੁਸਤ ਪੰਜਾਬ ਤਹਿਤ ਬੱਚਿਆਂ ਦੀ ਸਿਹਤ ਨਿਰੋਈ ਰੱਖਣ ਦਾ ਉਪਰਾਲਾ ਡੀ-ਵਾਰਮਿੰਗ ਡੇਅ-ਡਾ. ਨਾਰੇਸ਼ ਕਾਂਸਰਾਂ

 

ਸੂਬਾ ਸਰਕਾਰ ਵੱਲੋਂ ਚਲਾਏ ਜਾ ਰਹੇ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਸਿਹਤ ਵਿਭਾਗ ਵੱਲੋਂ ਮਨਾਏ ਜਾ ਰਹੇ ਨੈਸ਼ਨਲ ਡੀ-ਵਾਰਮਿੰਗ ਡੇ (ਪੇਟ ਦੇ ਕੀੜਿਆਂ ਤੋਂ ਮੁਕਤੀ ਦਿਵਸ) ਮੌਕੇ ਡਾਇਰੈਕਟਰ ਪਰਿਵਾਰ ਭਲਾਈ ਵਿਭਾਗ ਪੰਜਾਬ ਡਾ. ਨਰੇਸ਼ ਕਾਂਸਰਾਂ ਇਥੋਂ ਦੇ ਸਰਵ ਹਿਤਕਾਰੀ ਵਿਦਿਆ ਮੰਦਿਰ ਸਕੂਲ ਵਿਖੇ ਪਹੁੰਚੇ। ਇਸ ਮੌਕੇ ਉਨ੍ਹਾਂ ਕਿਹਾ ਕਿ ਪੇਟ ਵਿਚ ਕੀੜੇ ਹੋਣ ਨਾਲ ਬੱਚੇ ਦਾ ਸ਼ਰੀਰਕ ਤੇ ਮਾਨਸਿਕ ਵਾਧਾ ਰੁੱਕ ਜਾਂਦਾ ਹੈ। ਇਸ ਕਾਰਨ ਬੱਚਿਆਂ ਦੇ ਪੇਟ ਦੇ ਕੀੜਿਆਂ ਨੂੰ ਖਤਮ ਕਰਨ ਲਈ ਅਲਬੈਂਡਾਂਜ਼ੋਲ ਗੋਲੀਆਂ ਖੁਵਾਈਆਂ ਜਾਣੀਆਂ ਬਹੁਤ ਹੀ ਅਹਿਮੀਅਤ ਰੱਖਦੀਆਂ ਹਨ।

ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਡਾਇਰੈਕਟਰ ਡਾ. ਕਾਂਸਰਾਂ ਨੇ ਦੱਸਿਆ ਕਿ ਡੀ-ਵਾਰਮਿੰਗ ਡੇ ਦਾ ਮਕਸਦ ਬੱਚਿਆਂ ਵਿਚ ਪੇਟ ਦੇ ਕੀੜਿਆਂ ਨੂੰ ਖ਼ਤਮ ਕਰਨਾ ਹੈ, ਜਿਸ ਦੇ ਤਹਿਤ 1 ਤੋਂ 19 ਸਾਲ ਤੱਕ ਦੇ ਬੱਚਿਆਂ ਨੂੰ ਪੇਟ ਦੇ ਕੀੜੇ ਮਾਰਨ ਵਾਲੀਆਂ ਅਲਬੈਂਡਾਜੋਲ ਦੀਆਂ ਗੋਲੀਆਂ ਖੁਆਈਆਂ ਜਾਂਦੀਆਂ ਹਨ। ਉਨ੍ਹਾਂ ਦੱਸਿਆ ਕਿ ਬੱਚਿਆਂ ਵਿਚ ਪੇਟ ਦੇ ਕੀੜਿਆਂ ਦੀ ਬਿਮਾਰੀ ਨੂੰ ਖ਼ਤਮ ਕਰਨ ਲਈ ਜ਼ਿਲ੍ਹੇ ਦੇ ਸਾਰੇ ਸਰਕਾਰੀ ਅਤੇ ਸਰਕਾਰੀ ਸਹਾਇਤਾ ਪ੍ਰਾਪਤ, ਪ੍ਰਾਈਵੇਟ ਸਕੂਲਾਂ, ਆਂਗਣਵਾੜੀ ਸੈਂਟਰਾਂ ਦੇ ਰਜਿਸਟਰਡ ਬੱਚਿਆਂ ਅਤੇ ਸਕੂਲ ਨਾ ਜਾਣ ਵਾਲੇ ਬੱਚਿਆਂ ਨੂੰ ਪੇਟ ਦੇ ਕੀੜੇ ਮਾਰਨ ਲਈ ਅਲਬੈਂਡਾਂਜ਼ੋਲ ਦਵਾਈ ਦੀ ਖ਼ੁਰਾਕ ਖੁਆਈ ਗਈ।

ਇਸ ਮੌਕੇ ਸਿਵਲ ਸਰਜਨ ਡਾ. ਹੰਸ ਰਾਜ ਨੇ ਜਾਣੂੰ ਕਰਵਾਉਂਦਿਆਂ ਕਿਹਾ ਕਿ ਬੱਚਿਆ ਨੂੰ ਪੇਟ ਦੀਆਂ ਬਿਮਾਰੀਆਂ ਤੋਂ ਬਚਣ ਲਈ ਰੋਟੀ ਖਾਣ ਤੋਂ ਪਹਿਲਾ ਆਪਣੇ ਹੱਥ ਸਾਬਣ ਨਾਲ ਧੋ ਕੇ ਸਾਫ਼ ਕਰ ਲੈਣੇ ਚਾਹੀਦੇ ਹਨ, ਫਲਾਂ ਅਤੇ ਖਾਣ ਵਾਲੀਆਂ ਚੀਜ਼ਾਂ ਹਮੇਸ਼ਾ ਸਾਫ਼ ਖਾਣੀਆਂ ਚਾਹੀਦੀਆਂ ਹਨ, ਬੱਚਿਆਂ ਨੂੰ ਆਪਣੇ ਨਹੁੰ ਕੱਟ ਕੇ ਰੱਖਣੇ ਚਾਹੀਦੇ ਹਨ ਤੇ ਕਦੀ ਵੀ ਬੱਚਿਆਂ ਨੂੰ ਨੰਗੇ ਪੈਰੀਂ ਨਹੀਂ ਤੁਰਨਾ ਚਾਹੀਦਾ ਅਤੇ ਸਕੂਲਾਂ ਤੇ ਘਰਾਂ ਵਿਚ ਸਾਫ਼ ਪਖਾਨੇ ਵਰਤਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਜੋ ਬੱਚੇ ਕਿਸੇ ਕਾਰਨ ਐਲਬੈਡਾਂਜੋਲ ਗੋਲੀ ਖਾਣ ਤੋਂ ਵਾਂਝੇ ਰਹਿ ਗਏ ਉਨ੍ਹਾਂ ਨੂੰ ਇਹ ਖ਼ੁਰਾਕ 17 ਅਗਸਤ 2018 ਨੂੰ ਮੋਪ-ਅਪ ਡੇ ਵਾਲੇ ਦਿਨ ਖੁਆਈ ਜਾਵੇਗੀ।

ਇਸ ਮੌਕੇ ਜ਼ਿਲ੍ਹਾ ਮਾਸ ਮੀਡੀਆ ਅਫਸਰ ਸ੍ਰੀ ਅਨਿਲ ਧਾਮੂ, ਡੀ.ਪੀ.ਐਮ. ਸ੍ਰੀ ਰਾਜੇਸ਼ ਕੁਮਾਰ, ਬੀ.ਈ.ਈ. ਸ. ਹਰਮੀਤ ਸਿੰਘ, ਪ੍ਰਿੰਸੀਪਲ ਮੈਡਮ ਮਧੂ ਸ਼ਰਮਾ, ਮੈਡਮ ਸੁਖਜਿੰਦਰ ਕੌਰ ਤੇ ਸਕੂਲ ਸਟਾਫ ਹਾਜ਼ਰ ਸੀ।

 

ਸਥਾਨ ਦੇ ਵੇਰਵੇ ਹੇਠਾਂ ਦਿੱਤੇ ਗਏ ਹਨ।:

  • ਮਿਤੀ: 10/08/2018 - 10/08/2018